ਜਲੰਧਰ: ਬਾਬਾ ਬੁੱਢਾ ਜੀ ਨਗਰ ਰਾਮਾ ਮੰਡੀ ਵਿਚ ਸ਼ਨੀਵਾਰ ਨੂੰ 40 ਸਾਲ ਦੀ ਇਕ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਦਕੋਹਾ (ਨੰਗਲਸ਼ਾਮਾ) ਪੁਲਸ ਚੌਂਕੀ ਦੇ ਇੰਚਾਰਜ ਮਦਨ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕਾ ਦਾ ਨਾਂ ਪ੍ਰਿਯਾ ਸੀ ਅਤੇ ਉਹ 3 ਦਿਨਾਂ ਤੋਂ ਆਪਣੇ ਪਤੀ ਦੇ ਨਾਲ ਇਥੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਉਸ ਦਾ ਪਤੀ ਕੱਪੜੇ ਦਾ ਕੰਮ ਕਰਦਾ ਹੈ, ਜਿਸ ਕਾਰਨ ਉਸ ਨੂੰ ਅਕਸਰ ਜਲੰਧਰ ਤੋਂ ਬਾਹਰ ਜਾਣਾ ਪੈਂਦਾ ਹੈ। ਅੱਜ ਵੀ ਉਹ ਘਰ ਵਿਚ ਨਹੀਂ ਸੀ।
ਏ. ਐੱਸ. ਆਈ. ਮਦਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਪਤੀ ਨੂੰ ਸੂਚਿਤ ਕਰ ਦਿੱਤਾ ਹੈ। ਉਸ ਦੇ ਆਉਣ ਤੋਂ ਬਾਅਦ ਹੀ ਔਰਤ ਦੀ ਮੌਤ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪਤੀ ਦੇ ਬਿਆਨਾਂ ਤੋਂ ਬਾਅਦ ਹੀ ਕੱਲ ਸਵੇਰੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਔਰਤ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਅਜੇ ਅਜਿਹਾ ਕੁਝ ਸਾਹਮਣੇ ਨਹੀਂ ਆਇਆ।